ਨੂੰਹ ਨਾਲ ਨਜਾਇਜ਼ ਸਬੰਧ ਹੋਣ ਦਾ ਸੀ ਸ਼ੱਕ
ਨਿਰਭੈ ਸੋਚ/ ਅਮਰਜੀਤ ਸਿੰਘ ਧਰਮਗੜ੍ਹ,
ਲਾਲੜੂ, ਚੰਡੀਗੜ੍ਹ ਲਿਆਉਣ ਦੇ ਬਹਾਨੇ ਹਿਸਾਰ ਜ਼ਿਲ੍ਹੇ ਦੇ ਇੱਕ 22 ਸਾਲਾ ਭਾਣਜੇ ਦਾ ਉਸ ਦੇ ਮਾਮੇ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਲਾਲੜੂ ਨੇੜਲੇ ਪਿੰਡ ਸਰਸੀਣੀ ਕੋਲ ਬੇਰਹਿਮੀ ਨਾਲ ਕਤਲ ਕਰ ਦਿੱਤਾ ।ਪਹਿਲਾਂ ਤਾਂ ਇਸ ਕਤਲ ਨੂੰ ਸੜਕ ਹਾਦਸੇ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਕਤਲ ਮਾਮੇ ਦੀ ਨੂੰਹ ਨਾਲ ਨਾਜਾਇਜ਼ ਸਬੰਧਾਂ ਦੇ ਸੱਕ ਕਾਰਨ ਮਾਮੇ ਵੱਲੋਂ ਹੀ ਯੋਜਨਾ ਬਣਾ ਕੇ ਕੀਤਾ ਗਿਆ । ਲਾਲੜੂ ਪੁਲਿਸ ਨੇ ਕਤਲ ਤੋਂ ਬਾਅਦ ਫਰਾਰ ਹੋਏ ਚਾਰ ਮੁਲਜ਼ਮਾਂ ਨੂੰ ਮਹਿਜ਼ 5 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕਰਕੇ ਚਾਰਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾਬੱਸੀ ਦੇ ਏਐਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਲਾਲੜੂ ਦੇ ਥਾਣਾ ਮੁੱਖੀ ਇੰਸਪੈਕਟਰ ਗੁਰਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ‘ਤੇ ਸਨ । ਇਸ ਦੌਰਾਨ ਰਣਧੀਰ ਪੁੱਤਰ ਰਾਮ ਸਰੂਪ ਵਾਸੀ ਪਿੰਡ ਮਸੂਦਪੁਰ ਤਹਿਸੀਲ ਹਾਂਸੀ ,ਜ਼ਿਲ੍ਹਾ ਹਿਸਾਰ ਹਰਿਆਣਾ ਨੇ ਥਾਣਾ ਮੁੱਖੀ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੇ ਦੋ ਬੱਚੇ ਇੱਕ ਲੜਕੀ ਅਤੇ ਇੱਕ ਲੜਕਾ ਹੈ। ਲੜਕੇ ਦਾ ਨਾਂਅ ਬਿੱਟੂ ਉਮਰ 22 ਸਾਲ ਹੈ, ਜਿਸ ਨੇ 22 ਜੂਨ ਨੂੰ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ (ਆਪਣੇ ਪਿਤਾ) ਨੂੰ ਫੋਨ ਕਰਕੇ ਦੱਸਿਆ ਕਿ ਉਹ ਆਪਣੇ ਮਾਮੇ ਸੁਭਾਸ਼ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਦਨੋਦਾ ਕਲਾਂ ਤੇ ਸੁਨੀਲ ਉਰਫ ਸੋਨੂੰ ਦੀ ਕਾਰ ਵਿੱਚ ਨਵੀਨ ਉਰਫ ਛਬੀਲਾ, ਨਵੀਨ ਉਰਫ ਮਾਨੀਆ ਵਾਸੀਆਨ ਪਿੰਡ ਮਸੂਦਪੁਰ ਨਾਲ ਚੰਡੀਗੜ੍ਹ ਘੁੰਮਣ ਲਈ ਜਾ ਰਹੇ ਹਨ। ਉਸ ਤੋਂ ਬਾਅਦ 23 ਜੂਨ ਨੂੰ ਸਵੇਰੇ 4 ਵਜੇ ਦੇ ਕਰੀਬ ਉਸ ਨੂੰ ਉਸ ਦੇ ਭਤੀਜੇ ਵਿਜੇ ਪੁੱਤਰ ਚੰਦੀ ਰਾਮ ਵਾਸੀ ਪਿੰਡ ਮਸੂਦਪੁਰ ਦਾ ਫੋਨ ਆਇਆ ਕਿ ਬਿੱਟੂ ਦੇ ਮਾਮਾ ਸੁਭਾਸ਼ ਨੇ ਨਵੀਨ ਉਰਫ ਮਾਨੀਆ, ਨਵੀਨ ਕੁਮਾਰ ਉਰਫ ਛਬੀਲਾ, ਸੁਨੀਲ ਉਰਫ ਸੋਨੂੰ ਨੇ ਮਿਲ ਕੇ ਪਿੰਡ ਸਰਸੀਣੀ ਨੇੜੇ ਚੰਡੀਗੜ੍ਹ ਢਾਬੇ ‘ਤੇ ਬਿੱਟੂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਬਿੱਟੂ ਦਾ ਖੂਨ ਵਹਿਣ ਲੱਗਾ ਅਤੇ ਉਸ ਦੀ ਮੌਤ ਹੋ ਗਈ। ਚਾਰਾਂ ਵਿਅਕਤੀਆਂ ਨੇ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਸਿਵਲ ਹਸਪਤਾਲ ਅੰਬਾਲਾ ਛਾਉਣੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਰਣਧੀਰ ਸਿੰਘ ਦੇ ਬਿਆਨਾਂ ਅਨੁਸਾਰ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰਕੇ ਪੁਲਿਸ ਨੇ 5 ਘੰਟਿਆਂ ਦੇ ਅੰਦਰ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਨੂੰ ਸੋਮਵਾਰ ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ।