2 ਕਨਾਲ ਅਤੇ 4 ਮਰਲੇ ਦੇ ਬਰਾਬਰ ਵਪਾਰਕ ਵਸਤੂਆਂ ‘ਤੇ ਪਾਬੰਦੀ
ਡੇਰਾਬੱਸੀ, 21 ਜੂਨ ਪੁਸ਼ਪਿੰਦਰ ਕੌਰ
ਸਿਲਵਰ ਸਿਟੀ ਹਾਊਸਿੰਗ ਐਂਡ ਇਨਫਰਾਸਟਰਕਚਰ ਲਿਮਟਿਡ ਕੰਪਨੀ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਪੰਜਾਬ ਤੋਂ ਝਟਕਾ ਲੱਗਾ ਹੈ। ਰੇਰਾ ਨੇ ਕੰਪਨੀ ਦੇ ਨਵੇਂ ਪ੍ਰੋਜੈਕਟ ਸਿਲਵਰ ਸਿਟੀ ਥੀਮ ਦੇ ਨਾਲ ਦੋ ਕਨਾਲ, ਚਾਰ ਮਰਲੇ ਜ਼ਮੀਨ ਦੇ ਕਿਸੇ ਵੀ ਪਲਾਟ ਜਾਂ ਫਲੈਟ ਨੂੰ ਵੇਚਣ, ਬੁਕਿੰਗ ਜਾਂ ਇਸ਼ਤਿਹਾਰ ਦੇਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਦਾ ਇਹ ਪ੍ਰਾਜੈਕਟ ਮੁਬਾਰਕਪੁਰ ਰੋਡ ’ਤੇ ਪਿੰਡ ਭਾਂਖਰਪੁਰ ਵਿੱਚ ਕਰੀਬ 181 ਕਨਾਲ ਜ਼ਮੀਨ ’ਤੇ ਬਣਾਇਆ ਜਾ ਰਿਹਾ ਹੈ ਪਰ ਇਸ ਵਿੱਚੋਂ ਦੋ ਕਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਚੰਡੀਗੜ੍ਹ ਦੇ ਰਮਨ ਸ਼ਰਮਾ, ਰਾਜੀਵ ਸਾਗਰ ਅਤੇ ਗੁਰਜੀਤ ਕੌਰ ਨੇ ਇਸ ਪ੍ਰਾਜੈਕਟ ਦੇ ਦੋ ਕਨਾਲ ਹਿੱਸੇ ’ਤੇ ਆਪਣਾ ਹੱਕ ਜਤਾਇਆ ਹੈ ਅਤੇ ਇਸ ਸਬੰਧੀ ਉਨ੍ਹਾਂ ਨੇ ਕੰਪਨੀ ਖ਼ਿਲਾਫ਼ ਰੇਰਾ ਪੰਜਾਬ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ’ਤੇ ਰੇਰਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਦੋਂ ਤੱਕ ਇਸ ਦੋ ਕਨਾਲ ਜ਼ਮੀਨ ਬਾਰੇ ਫੈਸਲਾ ਨਹੀਂ ਲਿਆ ਜਾਂਦਾ, ਉਦੋਂ ਤੱਕ ਕੰਪਨੀ ਪ੍ਰਾਜੈਕਟ ਦੀ ਦੋ ਕਨਾਲ ਜ਼ਮੀਨ ’ਤੇ ਕੋਈ ਕਾਰੋਬਾਰ ਨਹੀਂ ਕਰ ਸਕੇਗੀ। ਸ਼ਿਕਾਇਤਕਰਤਾ ਦੇ ਵਕੀਲ ਮਨਦੀਪ ਸਿੰਘ ਸੈਣੀ ਨੇ ਦੱਸਿਆ ਕਿ ਸਿਲਵਰ ਸਿਟੀ ਕੰਪਨੀ ਨੇ 181 ਕਨਾਲ ਜ਼ਮੀਨ ’ਤੇ ਆਪਣਾ ਪ੍ਰਾਜੈਕਟ ਸ਼ੁਰੂ ਕੀਤਾ ਸੀ ਜਦਕਿ ਉਸ ਕੋਲ ਵੀ ਦੋ ਕਨਾਲ ਚਾਰ ਮਰਲੇ ਜ਼ਮੀਨ ਸੀ। ਕੰਪਨੀ ਨੇ ਉਨ੍ਹਾਂ ਤੋਂ ਕੋਈ ਸਹਿਮਤੀ ਵੀ ਨਹੀਂ ਲਈ ਅਤੇ ਝੂਠੇ ਤੱਥ ਪੇਸ਼ ਕਰਕੇ ਰੇਰਾ ਤੋਂ ਪ੍ਰਾਜੈਕਟ ਦੀ ਮਨਜ਼ੂਰੀ ਲੈ ਲਈ। ਉਸ ਨੇ ਡੇਰਾਬੱਸੀ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਇਸ ਲਈ ਉਸ ਨੇ ਕੰਪਨੀ ਦਾ ਰੇਰਾ ਨੰਬਰ ਰੱਦ ਕਰਨ ਦੀ ਮੰਗ ਕੀਤੀ ਹੈ।
ਹਾਲਾਂਕਿ ਕੰਪਨੀ ਨੇ ਰੇਰਾ ਅੱਗੇ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਹੀ ਇਹ ਮਾਮਲਾ ਦਰਜ ਕਰਵਾਇਆ ਹੈ। ਡੇਰਾਬੱਸੀ ਅਦਾਲਤ ਨੇ ਸ਼ਿਕਾਇਤਕਰਤਾ ਨੂੰ ਕੋਈ ਸਟੇਅ ਨਹੀਂ ਦਿੱਤੀ ਹੈ। ਇਸ ਲਈ ਉਨ੍ਹਾਂ ਇਸ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਪਰ ਨਵੀਆਂ ਹਦਾਇਤਾਂ ਨੂੰ ਫਿਲਹਾਲ ਕੰਪਨੀ ਲਈ ਝਟਕਾ ਮੰਨਿਆ ਜਾ ਰਿਹਾ ਹੈ। ਕੰਪਨੀ ਨੂੰ RERA ਦੁਆਰਾ 2 ਕਨਾਲਾਂ ਅਤੇ 4 ਮਰਲੇ ਦੇ ਬਰਾਬਰ ਵਪਾਰਕ ਵਸਤੂ ਸੂਚੀ ਨੂੰ ਉਦੋਂ ਤੱਕ ਬਰਕਰਾਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ ਜਦੋਂ ਤੱਕ ਵਿਵਾਦ ਵਾਲੀ ਜ਼ਮੀਨ ‘ਤੇ ਸ਼ਿਕਾਇਤਕਰਤਾਵਾਂ ਦੇ ਖੇਤਰ ਦਾ ਖਾਸ ਸਥਾਨ ਨਿਰਧਾਰਤ ਨਹੀਂ ਕੀਤਾ ਜਾਂਦਾ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ 2 ਕਨਾਲ ਅਤੇ 4 ਮਰਲੇ ਦੇ ਬਰਾਬਰ ਵਪਾਰਕ ਵਸਤੂ ਸੂਚੀ ਵਿੱਚ ਕਿਸੇ ਵੀ ਪਲਾਟ, ਅਪਾਰਟਮੈਂਟ ਜਾਂ ਇਮਾਰਤ ਦਾ ਇਸ਼ਤਿਹਾਰਬਾਜ਼ੀ, ਮਾਰਕੀਟ, ਬੁੱਕ, ਵਿਕਰੀ ਜਾਂ ਪੇਸ਼ਕਸ਼ ਨਾ ਕੀਤੀ ਜਾਵੇ ਜਾਂ ਕਿਸੇ ਵੀ ਤਰੀਕੇ ਨਾਲ ਵਿਅਕਤੀਆਂ ਨੂੰ ਖਰੀਦਣ ਲਈ ਸੱਦਾ ਨਾ ਦਿੱਤਾ ਜਾਵੇ।