ਡੇਰਾਬੱਸੀ, (ਪੁਸ਼ਪਿੰਦਰ ਕੌਰ)
ਦਸਤਾਰਧਾਰੀ ਐਡਵੋਕੇਟ ਨਵਦੀਪ ਕੌਰ ਵੱਲੋਂ ਪਿਛਲੇ ਸਾਲ ਡੇਰਾਬੱਸੀ ਥਾਣੇ ਵਿੱਚ ਦਿੱਤੀ ਸ਼ਿਕਾਇਤ ਤੇ ਕਾਰਵਾਈ ਨਾ ਹੋਣ ਕਾਰਨ ਦਮਦਮੀ ਟਕਸਾਲ ਰਾਜਪੁਰਾ ਦੇ ਮੁੱਖੀ ਬਰਜਿੰਦਰ ਸਿੰਘ ਪਰਵਾਨਾ ਨੇ ਅੱਜ ਡੇਰਾਬਸੀ ਥਾਣਾ ਮੁਖੀ ਨਾਲ ਮੀਟਿੰਗ ਕੀਤੀ। ਜਿੱਥੇ ਉਨ੍ਹਾਂ ਥਾਣਾ ਮੁਖੀ ਤੋਂ ਮੰਗ ਕੀਤੀ ਕਿ ਡੇਰਾਬੱਸੀ ਥਾਣੇ ਅੰਦਰ ਐਡਵੋਕੇਟ ਨਵਦੀਪ ਕੌਰ ਦੀ ਦਸਤਾਰ ਨੂੰ ਹੱਥ ਪਾਉਣ ਅਤੇ ਅਪਸ਼ਬਦ ਬੋਲਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਰੱਖੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਪਿਛਲੇ ਸਾਲ ਡੇਰਾਬਸੀ ਥਾਣੇ ਅੰਦਰ ਸਿੱਖ ਐਡਵੋਕੇਟ ਨਵਦੀਪ ਕੌਰ ਦੀ ਦਸਤਾਰ ਨੂੰ ਹੱਥ ਪਾਉਣ ਅਤੇ ਅਪਸ਼ਬਦ ਬੋਲਣ ਵਾਲਿਆਂ ਖਿਲਾਫ ਡੇਰਾ ਬੱਸੀ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੀ ਸ਼ਿਕਾਇਤ ਉਸੇ ਦਿਨ ਪੀੜਤ ਸਿੱਖ ਐਡਵੋਕੇਟ ਵੱਲੋਂ ਥਾਣਾ ਡੇਰਾਬਸੀ ਵਿੱਚ ਦਰਜ ਕਰਵਾ ਦਿੱਤੀ ਸੀ। ਉਨ੍ਹਾਂ ਆਖਿਆ ਕਿ ਉਹ ਜ਼ਿਲਾ ਪੁਲਿਸ ਕਪਤਾਨ ਨਾਲ ਸੋਮਵਾਰ ਨੂੰ ਮੁਲਾਕਾਤ ਕਰਕੇ ਜਲਦ ਤੋਂ ਜਲਦ ਦੋਸੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਨਗੇ। ਪਰਵਾਨਾ ਨੇ ਆਖਿਆ ਕਿ ਪੀੜਤ ਸਿੱਖ ਪਰਿਵਾਰ ਨੂੰ ਜੇਕਰ 10-15 ਦਿਨਾਂ ਵਿਚ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਇਕੱਠ ਪੰਥਕ ਰੂਪ ਦੇ ਵਿਚ ਕੀਤਾ ਜਾਵੇਗਾ । ਇਸ ਦੌਰਾਨ ਕਿਸੇ ਨੂੰ ਕੋਈ ਦਿੱਕਤ ਪੇਸ਼ ਆਈ ਤਾਂ ਉਸ ਦਾ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ ।
ਪੁਲਿਸ ਮਾਮਲੇ ਦੀ ਕਰ ਰਹੀ ਜਾਂਚ: ਥਾਣਾ ਮੁਖੀ
ਇਸ ਸਬੰਧੀ ਥਾਣਾ ਮੁਖੀ ਅਜੀਤੇਸ ਕੌਂਸਲ ਨੇ ਕਿਹਾ ਕਿ ਪੁਲਿਸ ਵੱਲੋਂ ਮਹਿਲਾ ਐਡਵੋਕੇਟ ਦੀ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।